Learn more about Omni BC's entire Punjabi ਪੰਜਾਬੀ news team [Read More]
12:00PM | Sunday | May 26
KHILADI (1992) (PG)
Two friends wage bets for money and fun. There comes a time where they race to win the biggest bet, for they know that their lives depend on it.... [Read More]
April 17, 2012
ਕੈਨੇਡਾ ਦੇ ਇਤਿਹਾਸ ਵਿੱਚ 17 ਅਪਰੈਲ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ 1982 ਨੂੰ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਕੈਨੇਡਾ ਦੇ ਅਧਿਕਾਰਾਂ ਅਤੇ ਅਜ਼ਾਦੀਆਂ ਦੇ ਚਾਰਟਰ ਨੂੰ ਮਨਜ਼ੂਰੀ ਦੇਕੇ ਕਾਨੂੰਨ ਦਾ ਰੂਪ ਦੇ ਦਿੱਤਾ ਸੀ।ਇਹ ਕਾਨੂੰਨ ਇਥੋਂ ਦੇ ਨਾਗਰਿਕਾਂ ਨੂੰ ਰਾਜਨੀਤਕ ਅਧਿਕਾਰ ਅਤੇ ਬਾਕੀ ਸਭ ਕੈਨੇਡੀਅਨਾਂ ਨੂੰ ਨਾਗਰਿਕ ਅਧਿਕਾਰ ਪ੍ਰਦਾਨ ਕਰਦਾ ਹੈ। ਭਾਵੇਂ 1960 ਵਿੱਚ ਵੀ ਕੈਨੇਡਾ ਦੀ ਸਰਕਾਰ ਨੇ ਇੱਕ ਬਿਲ ਆਫ ਰਾਈਟਸ ਬਣਾਇਆ ਸੀ ਪਰ ਉਸ ਦਾ ਸਰੂਪ ਪੂਰੀ ਤਰਾਂ ਫੈਡਰਲ ਸੀ ਅਤੇ ਉਹ ਸੂਬਿਆਂ ਤੇ ਲਾਗੂ ਨਹੀਂ ਹੁੰਦਾ ਸੀ। ਉਸ ਦਾ ਰੂਪ ਸੰਵਿਧਾਨਕ ਵੀ ਨਹੀਂ ਸੀ, ਜਿਸ ਕਾਰਨ ਅਦਾਲਤਾਂ ਉਸ ਨੂੰ ਲਾਗੂ ਨਹੀਂ ਸਨ ਕਰ ਸਕਦੀਆਂ। ਪਰ ਵਰਤਮਾਨ ਅਧਿਕਾਰਾਂ ਦੇ ਚਾਰਟਰ ਨੂੰ ਸੰਵਿਧਾਨਕ ਦਰਜਾ ਹਾਸਲ ਹੈ। ਕੈਨੇਡਾ ਦੀ ਸੁਪਰੀਮ ਕੋਰਟ ਨੂੰ ਇਸ ਚਾਰਟਰ ਦੀ ਰੱਖਿਆ ਅਤੇ ਵਿਆਖਿਆ ਕਰਨ ਦਾ ਪੂਰਨ ਅਧਿਕਾਰ ਦਿੱਤਾ ਗਿਆ ਹੈ। ਇਸ ਨੇ ਅਦਾਲਤਾਂ ਨੂੰ ਨਿਆਇਕ ਪੁਨਰ ਨਰੀਖਣ (Judicial Review) ਦਾ ਅਧਿਕਾਰ ਵੀ ਦਿੱਤਾ ਹੈ, ਭਾਵ ਅਦਾਲਤਾਂ ਕਿਸੇ ਵੀ ਅਜੇਹੇ ਫੈਡਰਲ ਅਤੇ ਪ੍ਰਾਂਤਕ ਕਾਨੂੰਨ ਨੂੰ ਰੱਦ ਕਰ ਸਕਦੀਆਂ ਹਨ ਜੋ ਚਾਰਟਰ 'ਚ ਦਰਜ ਕੈਨੇਡੀਅਨ ਲੋਕਾਂ ਦੇ ਅਧਿਕਾਰਾਂ ਦਾ ਵਿਰੋਧ ਕਰਦਾ ਹੋਵੇ। ਇਹ ਚਾਰਟਰ ਫੈਡਰਲ, ਸੂਬਾਈ, ਮਿਉਂਸਿਪਲ ਅਤੇ ਸਕੂਲ ਬੋਰਡਾਂ ਦੇ ਕਾਨੂੰਨਾਂ ਅਤੇ ਨਿਯਮਾਂ ਸਭ ਤੇ ਲਾਗੂ ਹੁੰਦਾ ਹੈ।
ਚਾਰਟਰ ਆਫ ਰਾਈਟਸ ਅਤੇ ਫਰੀਡਮਜ਼ ਦੇ ਨਿਰਮਾਣ ਦੀ ਇਤਿਹਾਸਕ ਸ਼ੁਰੂਆਤ ਅਸਲ ਵਿੱਚ 1967 ਵਿੱਚ ਉਸ ਸਮੇਂ ਹੋ ਗਈ ਸੀ ਜਦੋਂ ਤਤਕਾਲੀ ਅਟਾਰਨੀ ਜਨਰਲ ਪੀਅਰ ਟਰੂਡੋ ਨੇ ਕਾਨੂੰਨ ਦੇ ਇਕ ਮਾਹਿਰ ਪ੍ਰੋਫੈਸਰ ਨੂੰ ਇਸ ਤਰਾਂ ਦੇ ਕਾਨੂੰਨ ਦਾ ਖਰੜਾ ਤਿਆਰ ਕਰਨ ਲਈ ਕਿਹਾ। ਇਹ ਖਰੜਾ ਹੀ ਆਖਰ ਨੂੰ ਇਸ ਨਵੇਂ ਚਾਰਟਰ ਦਾ ਅਧਾਰ ਬਣਿਆ,ਜੋ ਆਖਰ 1982 ਵਿੱਚ ਪਾਸ ਹੋਇਆ ਅਤੇ ਮਹਾਰਾਣੀ ਦੀ ਮਨਜ਼ੂਰੀ ਤੋਂ ਬਾਅਦ ਲਾਗੂ ਹੋ ਗਿਆ।ਇਸ ਕਾਨੂੰਨ ਦੀ ਸਥਾਪਨਾ ਪਿਛੇ ਮੁਖ ਭੂਮਿਕਾ ਸਾਬਕਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਨੇ ਨਿਭਾਈ ਸੀ।
ਇਹ ਕਾਨੂੰਨ ਪ੍ਰਸਤਾਵਨਾਂ ਨਾਲ ਸ਼ੁਰੂ ਹੁੰਦਾ ਹੈ। ਇਸ ਦੇ ਕੁਲ 34 ਸੈਕਸ਼ਨ ਹਨ। ਇਹ ਚਾਰਟਰ ਮੌਲਿਕ ਸੁਤੰਤਰਤਾਵਾਂ ਜਿਵੇਂ ਧਰਮ,ਵਿਸ਼ਵਾਸ਼,ਵਿਚਾਰ ਪ੍ਰਗਟਾਉਣ,ਪਰੈਸ,ਸਾਂਤਮਈ ਢੰਗ ਨਾਲ ਇਕੱਠੇ ਹੋਣ ਅਤੇ ਸੰਸਥਾ ਆਦਿ ਬਨਾਉਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ । ਵੋਟ ਅਤੇ ਰਾਜਨੀਤਕ ਅਧਿਕਾਰ ਵੀ ਇਸ ਰਾਹੀਂ ਦਿੱਤੇ ਗਏ ਹਨ। ਪਰ ਸੈਕਸ਼ਨ 15 ਅਤੇ 27, ਜੋ ਬਰਾਬਰਤਾ ਅਤੇ ਬਹੁ-ਭਾਂਤੀ ਸੱਭਿਆਚਾਰ ਨੂੰ ਪ੍ਰਵਾਨ ਕਰਕੇ ਉਨਾਂ ਨੂੰ ਕੈਨੇਡਾ ਦੇ ਸਮਾਜ ਵਿੱਚ ਲਾਗੂ ਕਰਦੇ ਹਨ, ਬਹੁਤ ਹੀ ਮਹੱਤਵਪੁਰਨ ਹਨ। ਬਹੁ-ਭਾਂਤੀ ਸੱਭਿਆਚਾਰ ਦੀ ਧਾਰਨਾ ਨੂੰ ਲਾਗੂ ਕਰਕੇ ਕੈਨੇਡਾ ਦਾ ਲੋਕਤੰਤਰ ਇੱਕ ਵਿਲੱਖਣ ਪੱਛਮੀ ਲੋਕਤੰਤਰ ਬਣ ਗਿਆ ਹੈ। ਇਸੇ ਚਾਰਟਰ ਸਦਕਾ ਇੱਥੇ, ਗੈਰ-ਫਰਾਂਸੀਸੀ ਅਤੇ ਗੈਰ-ਬਰਤਾਨਵੀ ਪਿਛੋਕੜ ਵਾਲੇ ਲੋਕਾਂ ਦੀ ਦਰ, ਜਿਹੜੀ 1980 ਤੱਕ ਕੁੱਲ ਵਸੋਂ ਦਾ ਤਕਰੀਬਨ 40 ਫੀ ਸਦੀ ਸੀ, ਹੁਣ 60 ਫੀਸਦੀ ਦੇ ਕਰੀਬ ਹੋ ਗਈ ਹੈ। ਇਹ ਚਾਰਟਰ ਸਭ ਦੇਸ਼ਾਂ ਤੋਂ ਆਏ ਵੱਖ ਵੱਖ ਸੱਭਿਅਚਾਰਾਂ,ਧਰਮਾਂ,ਫਿਰਕਿਆਂ ਅਤੇ ਜਾਤਾਂ ਆਦਿ ਦੇ ਲੋਕਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਸਮਾਨ ਰੂਪ ਵਿੱਚ ਅਧਿਕਾਰ ਅਤੇ ਸੁਤੰਤਰਤਾਵਾਂ ਦਿੰਦਾ ਹੈ। ਇਸ ਨਾਲ ਸਭ ਕੌਮੀਅਤਾਂ ਦੇ ਪੁਰਾਣੇ ਵਿਤਕਰਿਆਂ ਵਾਲੇ ਗਿਲੇ- ਸ਼ਿਕਵੇ ਦੂਰ ਕਰ ਦਿੱਤੇ ਗਏ ਹਨ। ਇਹ ਚਾਰਟਰ ਕੈਨੇਡਾ ਨੂੰ ਬਹੁ-ਭਾਂਤੀ ਸੱਭਿਆਚਾਰ ਵਾਲਾ,ਬਰਾਬਰ ਅਜ਼ਾਦੀਆਂ ਵਾਲਾ ਲੋਕਤੰਤਰ ਹੀ ਨਹੀਂ ਬਣਾਉਦਾ ਸਗੋਂ ਹਰ ਵਿਅਕਤੀ ਦੀ ਵੱਖਰੀ ਸੁਤੰਤਤਰ ਹੋਂਦ ਨੂੰ ਵੀ ਸਥਾਪਤ ਕਰਦਾ ਹੈ। ਸਭ ਘੱਟ ਗਿਣਤੀ ਭਾਈਚਾਰਿਆਂ ਨੂੰ ਆਪਣੇ ਸੱਭਿਆਚਾਰਾਂ ਨੂੰ ਮਾਨਣ ਅਤੇ ਕਾਇਮ ਰੱਖਣ ਦਾ ਅਧਿਕਾਰ ਦਿੰਦਾ ਹੈ।
ਇਸੇ ਹਫਤੇ ਸੰਪਨ ਹੋਏ ਵੈਨਕੂਵਰ ਵਿਸਾਖੀ ਨਗਰ-ਕੀਰਤਨ ਮੌਕੇ ਸਟੇਜ ਤੇ ਸਭ ਪਾਰਟੀਆਂ ਦੇ ਲੀਡਰਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਵਿਸਾਖੀ ਦਾ ਤਿਉਹਾਰ ਹੁਣ ਕੈਨੇਡਾ ਦਾ ਤਿੳਹਾਰ ਬਣ ਗਿਆ ਹੈ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਘੱਟ-ਗਿਣਤੀ ਸੱਭਿਆਚਾਰ ਨੂੰ ਮੁਖ ਧਾਰਾ ਹੁਣ ਪ੍ਰਵਾਨ ਹੀ ਨਹੀ ਕਰ ਰਹੀ ਸਗੋਂ ਇਸ ਨੂੰ ਅਪਣੱਤ ਵੀ ਬਖਸ਼ ਰਹੀ ਹੈ। ਇਸ ਕਾਰਨ ਹੀ ਭਿੰਨ ਭਿੰਨ ਸੱਭਿਆਚਾਰਾਂ ਵਾਲੇ ਲੋਕ ਅੱਜ ਕੈਨੇਡੀਅਨ ਸੱਭਿਆਚਾਰ ਦਾ ਹਿੱਸਾ ਬਣਕੇ ਮਾਣ ਮਹਿਸੂਸ ਕਰਦੇ ਹਨ।
ਸ਼ੁਰੂ ਵਿੱਚ ਟਾਂਵੇਂ ਟਾਵੇਂ ਵਿਰੋਧ ਦੇ ਬਾਵਜੂਦ, ਇਸ ਚਾਰਟਰ ਨੂੰ ਹੁਣ ਸਰਬ-ਪ੍ਰਵਾਨਤਾ ਹਾਸਲ ਹੋ ਚੁੱਕੀ ਹੈ। ਇਸ ਚਾਰਟਰ ਨੂੰ ਅੱਜ ਦੇ ਦਿਨ ਫਿਰ ਯਾਦ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਰਾਜਨੀਤਕ ਅਤੇ ਸਮਾਜਿਕ ਇਤਿਹਾਸ ਵਿੱਚ ਇਹ ਚਾਰਟਰ ਇੱਕ ਮੀਲ ਪੱਥਰ ਸਮਝਿਆ ਜਾਂਦਾ ਰਹੇਗਾ।