Learn more about Omni BC's entire Punjabi ਪੰਜਾਬੀ news team [Read More]
12:00PM | Sunday | May 26
KHILADI (1992) (PG)
Two friends wage bets for money and fun. There comes a time where they race to win the biggest bet, for they know that their lives depend on it.... [Read More]
April 25, 2012
ਇਸ ਹਫਤੇ ਹੋਈਆਂ ਐਲਬਰਟਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਈ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਪਿਛਲੇ 41 ਸਾਲਾਂ ਤੋਂ ਸੱਤਾ ਦੇ ਕਾਬਜ਼ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਨੇ 87 ਮੈਂਬਰੀ ਸੂਬਾਈ ਅਸੈਂਬਲੀ ਵਿੱਚ 61 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਰਿਕਾਰਡ ਸਥਾਪਤ ਕਰ ਦਿੱਤਾ ਹੈ। ਉਸਨੇ ਲਗਾਤਾਰ 12ਵੀਂ ਵਾਰ ਵਿਧਾਨ ਸਭਾ ਦੀ ਚੋਣ ਜਿੱਤੀ ਹੈ। ਐਲਬਰਟਾ ਦੇ 107 ਸਾਲਾ ਚੋਣ ਇਤਿਹਾਸ 'ਚ ਪਹਿਲੀ ਵਾਰ ਵੋਟਰਾਂ ਨੇ ਇੱਕ ਮਹਿਲਾ ਪ੍ਰੀਮੀਅਰ ਦੀ ਚੋਣ ਕੀਤੀ ਹੈ।
ਵਾਈਲਡਰੋਜ਼ ਪਾਰਟੀ ਨੇ 17 ਸੀਟਾਂ ਜਿੱਤ ਕੇ ਵਿਰੋਧੀ ਪਾਰਟੀ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਇਸ ਤਰਾਂ ਉਸਨੇ ਲੰਬੇ ਸਮੇਂ ਤੋਂ ਸਰਗਰਮ ਲਿਬਰਲ ਪਾਰਟੀ ਨੂੰ ਵੀ ਪਛਾੜ ਦਿੱਤਾ ਹੈ ਜਿਸਨੇ 1905 ਤੋਂ 1917 ਤੱਕ ਚਾਰ ਵਾਰ ਆਪਣੇ ਬਲਬੂਤੇ ਤੇ ਸਰਕਾਰ ਬਣਾਈ ਸੀ। ਪਰ ਇਸ ਵਾਰ ਉਹ ਮਸਾਂ ਪੰਜ ਸੀਟਾਂ ਹਾਸਲ ਕਰ ਸਕੀ ਹੈ ਜਦ ਕਿ ਐਨ.ਡੀ.ਪੀ. ਨੂੰ ਚਾਰ ਸੀਟਾਂ ਤੇ ਜਿੱਤ ਹਾਸਲ ਹੋਈ ਹੈ। ਐਲਬਰਟਾ ਦੇ ਰਾਜਨੀਤਕ ਇਤਿਹਾਸ ਤੇ ਨਜ਼ਰ ਮਾਰਿਆਂ ਪਤਾ ਚੱਲਦਾ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਇੱਕ ਵਾਰ ਚੋਣਾਂ ਹਾਰ ਗਈ ਉਹ ਮੁੜ ਕੇ ਕਦੇ ਸੱਤਾ 'ਚ ਨਹੀਂ ਆਈ।
ਵਾਈਲਡ ਰੋਜ਼ ਪਾਰਟੀ ਅਲਬਰਟਾ ਦੇ ਮਸ਼ਹੂਰ ਫੁੱਲ ਦੇ ਨਾਂ ਤੇ ਬਣੀ ਪਾਰਟੀ ਹੈ ਜਿਹੜੀ 2008 ਦੀਆਂ ਚੋਣਾਂ 'ਚ ਕੋਈ ਸੀਟ ਨਹੀਂ ਲੈ ਸਕੀ ਸੀ। ਪਰ ਬਾਅਦ 'ਚ ਹੋਈਆਂ ਜ਼ਿਮਨੀ ਚੋਣਾਂ 'ਚ ਇਨਾਂ ਨੇ ਚਾਰ ਸੀਟਾਂ ਜਿੱਤੀਆਂ ਸਨ। ਇਸ ਪਾਰਟੀ ਦਾ ਉਥਾਨ ਬਹੁਤ ਤੇਜੀ ਨਾਲ ਹੋਇਆ ਹੈ। ਮੀਡੀਆ ਅਤੇ ਕੁਝ ਸਮੂਹਾਂ ਨੇ ਸਖਤ ਮਿਹਨਤ ਕਰਕੇ ਇਸ ਪਾਰਟੀ ਨੂੰ ਇੱਕ ਵਾਰ ਤਾਂ ਜਿੱਤਣ ਵਾਲੀ ਸਥਿਤੀ ਵਿੱਚ ਪਹੁੰਚਾ ਦਿਤਾ ਸੀ,ਪਰ ਇਸ ਦੇ ਉਮੀਦਵਾਰਾਂ ਦੀ ਕੁਝ ਗਲਤ ਬਿਆਨੀ ਨੇ ਇਨਾਂ ਨੂੰ ਪਿਛੇ ਧੱਕ ਦਿੱਤਾ। 34 ਫੀ ਸਦੀ ਵੋਟਾਂ ਲੈਕੇ, ਖੈਰ ਹੁਣ ਵੀ ਇਹ ਸਰਕਾਰੀ ਤੌਰ ਤੇ ਵਿਰੋਧੀ ਧਿਰ ਬਣ ਗਈ ਹੈ ਜੋ ਕਿ ਇੱਕ ਵੱਡੀ ਪ੍ਰਾਪਤੀ ਹੈ। ਰਾਜਨੀਤਕ ਤੌਰ ਤੇ ਇਹ ਵੀ ਅਹਿਮ ਗੱਲ ਹੈ। ਦੋ ਸੱਜੇ ਪੱਖੀ ਪਾਰਟੀਆਂ ਹੀ ਮੁੱਖ ਪਾਰਟੀਆਂ ਬਣ ਗਈਆਂ ਨੇ। ਪ੍ਰਤੀਤ ਹੁੰਦਾ ਹੈ ਕਿ ਇਸ ਵਾਰ ਖੱਬੇ ਪੱਖੀਆਂ ਦੇ ਹੋਰ ਕਮਜ਼ੋਰ ਪੈਣ ਨਾਲ ਵੱਡੇ ਕਾਰੋਬਾਰ ਅਤੇ ਕਾਰਪੋਰੇਟ ਅਦਾਰੇ ਹੁਣ ਲੰਬੇ ਸਮੇਂ ਤੱਕ ਆਪਣੇ ਹਿਤਾਂ ਪ੍ਰਤੀ ਨਿਸ਼ਚਿੰਤ ਹੋ ਸਕਦੇ ਹਨ।
ਐਲਬਰਟਾ ਦੇ ਚੋਣ ਨਤੀਜੇ ਲਿਬਰਲ ਪਾਰਟੀ ਲਈ ਵੀ ਇੱਕ ਵੱਡਾ ਝਟਕਾ ਹਨ, ਜਿਸਨੇ ਪਿਛਲੀ ਵਿਧਾਨ ਸਭਾ 'ਚ 9 ਸੀਟਾਂ ਜਿੱਤੀਆਂ ਸਨ। ਇਸ ਵਾਰ ਉਸਦੇ ਹਿੱਸੇ ਆਈਆਂ ਸੀਟਾਂ ਦੀ ਗਿਣਤੀ ਤਕਰੀਬਨ ਅੱਧੀ ਰਹਿ ਗਈ ਹੈ। ਜਿਸ ਤਰਾਂ ਫੈਡਰਲ ਪਾਰਲੀਮੈਂਟ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲਿਬਰਲਾਂ ਦੀ ਸਥਿਤੀ ਪਤਲੀ ਪੈ ਰਹੀ ਹੈ, ਉਸੇ ਤਰਾਂ ਦੀ ਸਥਿਤੀ ਹੀ ਐਲਬਰਟਾ ਵਿੱਚ ਵਿਖਾਈ ਦੇ ਰਹੀ ਹੈ। ਇਹ ਵੀ ਸਮਝਿਆ ਜਾਂਦਾ ਕੇ ਸਿਰੇ ਦੀ ਸੱਜੇ-ਪੱਖੀ ਵਾਈਲਡ ਰੋਜ਼ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਲਿਬਰਲਾਂ, ਸੁਧਾਰਵਾਦੀਆਂ ਅਤੇ ਇਮੀਗਰੈਂਟਾਂ ਨੇ ਵੀ ਕਨਜ਼ਰਵੇਟਿਵਾਂ ਵੱਲ ਨੂੰ ਮੁਖ ਮੋੜਿਆ ਹੋਵੇ। ਦੂਜੇ, ਫੈਡਰਲ ਕਨਜ਼ਰਵੇਟਿਵਾਂ ਦੀ ਤਰਾਂ ਐਲਬਰਟਾ ਦੇ ਪ੍ਰਗਰੈਸਿਵ ਕਨਜ਼ਰਵੇਟਿਵ ਵੀ ਕਲਿਆਣਕਾਰੀ ਰੁਖ ਅਪਣਾਕੇ ਲਿਬਰਲਾਂ ਦੀ ਵੋਟ ਨੂੰ ਢਾਹ ਲਾਉਣ ਵਿੱਚ ਕਾਮਯਾਬ ਰਹੇ ਹਨ।
ਪਿਛਲੀਆਂ ਫੈਡਰਲ ਚੋਣਾਂ ਦੀ ਤਰਾਂ, ਐਲਬਟਰਾ ਵਿੱਚ ਵੀ ਐਨ ਡੀ ਪੀ ਦਾ ਗਰਾਫ ਉਪਰ ਚੜਿਆ ਹੈ। ਇਸਨੇ ਵੀ ਲਿਬਰਲਾਂ ਦੇ ਵਿਕਾਸ ਨੂੰ ਜੇ ਪੁੱਠਾ ਮੋੜਾ ਨਹੀਂ ਵੀ ਦਿੱਤਾ ਤਾਂ ਘੱਟੋ ਘੱਟ ਰੋਕ ਜ਼ਰੂਰ ਦਿੱਤਾ ਹੈ।
ਇਨਾਂ ਚੋਣਾਂ ਵਿੱਚ ਦੋ ਦਰਜਨ ਦੇ ਕਰੀਬ ਭਾਰਤੀ ਅਤੇ ਪਾਕਿਸਤਾਨੀ ਪਿਛੋਕੜ ਦੇ ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ। ਇਨਾਂ ਚੋਂ 6 ਪੰਜਾਬੀ ਹੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ ਹਨ। ਇਨਾਂ 'ਚੋਂ ਰਾਜ ਸ਼ਰਮਨ,ਦਰਸ਼ਨ ਸਿੰਘ ਕੰਗ,ਪੀਟਰ ਸੰਧੂ,ਮਨਜੀਤ ਸਿੰਘ ਭੁੱਲਰ ਅਤੇ ਨਰੇਸ਼ ਭਰਦਵਾਜ ਭਾਰਤੀ ਮੂਲ ਦੇ ਹਨ ਜਿਹੜੇ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਲਈ ਚੁਣੇ ਗਏ ਹਨ। ਉਹਨਾਂ ਦੇ ਨਾਲ ਪਾਕਿਸਤਾਨੀ ਮੂਲ ਦਾ ਸੁਹੇਲ ਕਾਦਰੀ ਪਹਿਲੀ ਵਾਰ ਵਿਧਾਨ ਸਭਾ ਵਿੱਚ ਬੈਠੇਗਾ। ਐਲਬਰਟਾ ਵਰਗੇ ਰੂੜੀਵਾਦੀ ਸੂਬੇ ਵਿੱਚ ਪੰਜਾਬੀਆਂ ਦੀ ਇਹ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।
ਇਕ ਔਰਤ, ਮਹਾਰਾਣੀ ਲੂਈਸ ਕੈਰੋਲੀਨ ਅਲਬਰਟਾ, ਦੇ ਨਾਂ ਤੇ ਬਣੇ ਇਸ ਸੂਬੇ 'ਚ ਜਿੱਥੇ ਇੱਕ ਔਰਤ ਦੁਬਾਰਾ ਪ੍ਰੀਮੀਅਰ ਬਣਨ ਜਾ ਰਹੀ ਹੈ ਉੱਥੇ ਵਿਰੋਧੀ ਪਾਰਟੀ ਦੀ ਲੀਡਰ ਵੀ ਇੱਕ ਔਰਤ ਹੀ ਹੋਵੇਗੀ। ਇਹ 7 ਲੱਖ ਦੀ ਅਬਾਦੀ ਵਾਲੇ ਇਸ ਪ੍ਰਾਂਤ ਵਿੱਚ ਔਰਤਾਂ ਲਈ ਇੱਕ ਵੱਡੀ ਪੁਲਾਂਘ ਹੈ।